ਪਟਿਆਲਾ 6 ਅਕਤੂਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਵੱਲੋਂ ਖੂਨਦਾਨ ਅਤੇ ਖੂਨ ਸੰਚਾਰ ਸੇਵਾਵਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਅਤੇ ਜਿਲ੍ਹਾ ਨੋਡਲ ਅਫਸਰ ਡਾ.ਗੁਰਪ੍ਰੀਤ ਨਾਗਰਾ ਨੂੰ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ/ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼, ਪੰਜਾਬ ਵੱਲੋਂ ਜ਼ਿਲ੍ਹਾ ਪਟਿਆਲਾ ਨੂੰ ਸਾਲ 2025-26 ਦੌਰਾਨ E-Raktkosh ਡਾਟਾ ਦੇ ਆਧਾਰ ’ਤੇ Best Performing District – Maximum KPI Achievement ਲਈ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ।
ਇਹ ਸਨਮਾਨ 5 ਅਕਤੂਬਰ 2026 ਨੂੰ ਚੰਡੀਗੜ੍ਹ ਵਿਖੇ ਮਨਾਏ ਗਏ ਰਾਜ ਪੱਧਰੀ ਰਾਸ਼ਟਰੀ ਸਵੈਇੱਛਿਕ ਖੂਨਦਾਨ ਦਿਵਸ ਸਮਾਗਮ ਦੌਰਾਨ ਦਿੱਤਾ ਗਿਆ। ਪ੍ਰਸ਼ੰਸਾ ਪੱਤਰ ਵਿੱਚ ਜ਼ਿਲ੍ਹਾ ਪਟਿਆਲਾ ਵੱਲੋਂ ਖੂਨ ਸੰਚਾਰ ਦੀਆਂ ਜੀਵਨ-ਰੱਖਿਅਕ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਕਿ ਇਹ ਉਪਲਬਧੀ ਸਿਹਤ ਵਿਭਾਗ ਦੇ ਅਧਿਕਾਰੀਆਂ, ਬਲੱਡ ਬੈਂਕਾਂ ਦੀਆਂ ਟੀਮਾਂ, ਸਟਾਫ਼, ਸਵੈਇੱਛਿਕ ਖੂਨਦਾਨੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਨਿਯਮਿਤ ਸਵੈਇੱਛਿਕ ਖੂਨਦਾਨ ਨਾਲ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਅਤੇ ਇਸ ਦੇ ਅੰਗ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਮਦਦ ਮਿਲਦੀ ਹੈ।
ਸਿਹਤ ਵਿਭਾਗ ਨੇ ਇਸ ਮਾਣਮੱਤੀ ਉਪਲਬਧੀ ’ਤੇ ਸਮੂਹ ਖੂਨਦਾਨੀਆਂ, ਸਿਹਤ ਕਰਮਚਾਰੀਆਂ ਅਤੇ ਖੂਨਦਾਨ ਮੁਹਿੰਮ ਨਾਲ ਜੁੜੀਆਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਸਵੈਇੱਛਿਕ ਤੌਰ ’ਤੇ ਖੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਹ ਸਨਮਾਨ ਜ਼ਿਲ੍ਹਾ ਪਟਿਆਲਾ ਦੀ ਖੂਨ ਸੰਚਾਰ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਵੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਣਾ ਦਾ ਸਰੋਤ ਬਣੇਗਾ।





















