Home ਪਟਿਆਲਾ ਸ਼ੁੱਕਰਵਾਰ ਤੋਂ ਅਣਮਿੱਥੇ ਸਮੇਂ ਲਈ ਪੰਜਾਬੀ ਯੂਨੀਵਰਸਿਟੀ ਦੀ ਪਰੀਖਿਆ ਸ਼ਾਖਾ ਰਹੇਗੀ ਬੰਦਃ...

ਸ਼ੁੱਕਰਵਾਰ ਤੋਂ ਅਣਮਿੱਥੇ ਸਮੇਂ ਲਈ ਪੰਜਾਬੀ ਯੂਨੀਵਰਸਿਟੀ ਦੀ ਪਰੀਖਿਆ ਸ਼ਾਖਾ ਰਹੇਗੀ ਬੰਦਃ ਗੋਪਾਲਪੁਰੀ,ਕੱਚੇ ਮੁਲਾਜਮਾਂ ਦਾ ਨੌਕਰੀ ਤੋਂ ਅਸਤੀਫਾ ਦੇਣਾ ਕਿਰਦਾਰਕੁਸ਼ੀ ਦੇ ਬਰਾਬਰਃ ਜਗਤਾਰ ਸਿੰਘ ਸੈਣੀ

20
0

ਪਟਿਆਲਾ 15 ਅਕਤੂਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ

ਪੰਜਾਬੀ ਯੂਨੀਵਰਸਿਟੀ ਦੇ ਬੀ ਅਤੇ ਸੀ ਕਲਾਸ ਕਰਮਚਾਰੀ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਵਾਈਸ ਚਾਂਸਲਰ ਦਫਤਰ ਦੇ ਸਾਹਮਣੇ ਸ਼ਾਂਤਮਈ ਧਰਨਾ ਚੱਲ ਰਿਹਾ ਹੈ। ਬੀਤੇ ਦਿਨੀ ਐਸੋਸੀਏਸ਼ਨ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਹੜੀ ਕਿ ਬੇਸਿੱਟਾ ਰਹੀ। ਸੰਘ ਵਲੋਂ ਪ੍ਰਸਾਸ਼ਨ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਕਿ ਮਿਤੀ 15.10.2026 ਨੂੰ ਸ਼ਾਮ ਤੱਕ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਪ੍ਰਸਾਸ਼ਨ ਵਲੋਂ ਬਣਾਈ ਨੀਤੀ ਮੁਲਾਜਮ ਸੰਘ ਨਾਲ ਸਾਂਝੀ ਕੀਤੀ ਜਾਵੇ ਅਤੇ ਪ੍ਰਸਾਸ਼ਨ ਵਲੋਂ ਬਣਾਈ ਨੀਤੀ ਤਹਿਤ ਮੁਲਾਜਮਾਂ ਨੂੰ ਭਵਿੱਖ ਵਿੱਚ ਹੋਣ ਵਾਲੀ ਸਿੰਡੀਕੇਟ ਵਿੱਚ ਪੱਕਾ ਕੀਤਾ ਜਾਵੇ। ਪ੍ਰੰਤੂ ਪ੍ਰਸਾਸ਼ਨ ਨੇ ਯੂਨੀਅਨ ਨਾਲ ਕੋਈ ਰਾਬਤਾ ਨਹੀਂ ਬਣਾਇਆ ਜਿਸ ਦੇ ਚਲਦਿਆਂ ਕੱਲ ਮਿਤੀ 16.10.2026 ਤੋਂ ਅਣਮਿੱਥੇ ਸਮੇਂ ਲਈ ਪੰਜਾਬੀ ਯੂਨੀਵਰਸਿਟੀ ਦੀ ਪਰੀਖਿਆ ਸ਼ਾਖਾ ਦਾ ਕੰਮ-ਕਾਰ ਬੰਦ ਕਰਕੇ ਕੱਚੇ ਮੁਲਾਜਮਾਂ ਦੇ ਪੱਕੇ ਹੋਣ ਤੱਕ ਧਰਨਾ ਜਾਰੀ ਰਹੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।
ਐਸੋਸੀਏਸ਼ਨ ਵੱਲੋਂ ਉਠਾਈਆਂ ਗਈਆਂ ਮੁੱਖ ਮੰਗਾਂ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, ਪੇਅ ਕਮਿਸ਼ਨ ਦਾ ਏਰੀਅਰ ਜਾਰੀ ਕਰਨਾ, ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਤਰੱਕੀਆਂ ਕਰਨਾ ਅਤੇ ਉਸਾਰੀ ਤੇ ਹਾਰਟੀਕਲਚਰ ਵਿਭਾਗ ਦੇ ਕਰਮਚਾਰੀਆਂ ਨੂੰ ਸਪੈਸ਼ਲ/ਸਕੱਤਰੇਤ ਭੱਤਾ ਦੇਣਾ ਆਦਿ ਸ਼ਾਮਲ ਹਨ। ਗੋਪਾਲਪੁਰੀ ਦਾ ਕਹਿਣਾ ਹੈ ਕਿ ਇਹ ਮੰਗਾਂ ਕਰਮਚਾਰੀਆਂ ਦੇ ਹੱਕਾਂ, ਨੌਕਰੀ ਦੀ ਸੁਰੱਖਿਆ ਅਤੇ ਯੂਨੀਵਰਸਿਟੀ ਦੇ ਸੁਚਾਰੂ ਪ੍ਰਬੰਧ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਰਮਚਾਰੀਆਂ ਨਾਲ ਜੁੜੇ ਗੰਭੀਰ ਮਸਲਿਆਂ ਅਤੇ ਲੰਬਿਤ ਮੰਗਾਂ ਦੇ ਹੱਲ ਲਈ ਕਾਫ਼ੀ ਸਮਾਂ ਦਿੱਤਾ ਜਾ ਚੁੱਕਾ ਹੈ। ਹੁਣ ਹਾਲਾਤ ਇਸ ਮੋੜ ‘ਤੇ ਪਹੁੰਚ ਗਏ ਹਨ ਕਿ ਯੂਨੀਅਨ ਨੂੰ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨਾ ਪੈ ਰਿਹਾ ਹੈ।
ਮੀਤ ਪ੍ਰਧਾਨ ਨਵਦੀਪ ਸਿੰਘ ਚਾਨੀ ਨੇ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਸੰਘ ਦੀ ਸਭ ਤੋਂ ਅਹਿਮ ਮੰਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਕੱਚੇ ਕਰਮਚਾਰੀ ਲੰਬੇ ਸਮੇਂ ਤੋਂ ਯੂਨੀਵਰਸਿਟੀ ਵਿੱਚ ਪੂਰੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾ ਰਹੇ ਹਨ ਅਤੇ ਨਿਗੂਣੀ ਤਨਖਾਹ ‘ਤੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਆਉਣ ਵਾਲੀ ਸਿੰਡੀਕੇਟ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਜਨਰਲ ਸਕੱਤਰ ਜਗਤਾਰ ਸਿੰਘ ਸੈਣੀ ਨੇ ਕਿਹਾ ਕਿ ਬੀਤੇ ਦਿਨ੍ਹੀ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵਿੱਚ ਕੱਚੀ ਨੌਕਰੀ ਤੇ ਕੰਮ ਕਰਦੇ 3 ਸੁਰੱਖਿਆ ਕਰਮਚਾਰੀ ਮਹਿੰਗਾਈ ਦੀ ਮਾਰ ਨਾ ਝੱਲਦੇ ਹੋਏ ਸਿਰਫ਼ 12,250/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣ ਕਾਰਨ ਅਸਤੀਫ਼ਾ ਦੇ ਗਏ ਹਨ। ਇਮਾਨਦਾਰੀ ਨਾਲ ਨੌਕਰੀ ਕਰਨ ਦਾ ਇਹ ਸਿਲਾ ਕਿ ਸੁਰੱਖਿਆ ਗਾਰਡ ਨੂੰ ਇੰਨੀ ਘੱਟ ਤਨਖਾਹ ਦੇ ਕੇ ਉਨ੍ਹਾਂ ਨੂੰ ਆਪਣੀ ਨੌਕਰੀ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਹੈ। ਇਹ ਸਿਰਫ਼ ਅਸਤੀਫ਼ਾ ਨਹੀਂ, ਇਹ ਮੁਲਾਜਮਾਂ ਦੀ ਕਿਰਦਾਰਕੁਸ਼ੀ ਦੇ ਬਰਾਬਰ ਹੈ।
ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ; ਮੀਤ ਪ੍ਰਧਾਨ ਨਵਦੀਪ ਸਿੰਘ ਚਾਨੀ; ਜਨਰਲ ਸਕੱਤਰ ਜਗਤਾਰ ਸਿੰਘ ਸੈਣੀ; ਸਹਾਇਕ ਸਕੱਤਰ ਸ਼ਰਨਦੀਪ ਕੌਰ; ਪ੍ਰਚਾਰ ਸਕੱਤਰ ਗੁਰਮੀਤ ਸਿੰਘ ਸਹੋਤਾ; ਮਨਦੀਪ ਸਿੰਘ ਚਹਿਲ, ਇੰਦੂ ਬਾਲਾ, ਮੋਹਨ ਲਾਲ ਪੰਜੋਲਾ, ਸੰਜੀਵ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੱਚੇ ਕਰਮਚਾਰੀ ਅਤੇ ਸਮਰਥਕ ਹਾਜ਼ਰ ਰਹੇ।

LEAVE A REPLY

Please enter your comment!
Please enter your name here