ਪਟਿਆਲਾ 1 ਅਕਤੂਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ
ਫੂਡ ਸੇਫਟੀ ਵਿਭਾਗ, ਪਟਿਆਲਾ ਦੀ ਪੁਸ਼ਟੀਵਤੀ ਟੀਮ ਵੱਲੋਂ ਅੱਜ ਸਵੇਰੇ ਕਰੀਬ 5:00 ਵਜੇ ਨਾਭਾ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਦੁੱਧ ਤੋਂ ਬਣੇ ਉਤਪਾਦਾਂ ਦੇ 3 ਸੈਂਪਲ ਲਏ ਗਏ, ਜਿਨ੍ਹਾਂ ਨੂੰ ਵਿਸ਼ਲੇਸ਼ਣ ਲਈ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਫੂਡ ਸੇਫਟੀ ਵਿਭਾਗ ਵੱਲੋਂ ਮਿਤੀ 23 ਸਤੰਬਰ ਨੂੰ ਲਏ ਗਏ ਪਨੀਰ ਦੇ ਸੈਂਪਲ ਦੀ ਜਾਂਚ ਦੌਰਾਨ non conforming ਪਾਇਆ ਗਿਆ।
ਇਸ ਅਸੁਰੱਖਿਅਤ ਪਨੀਰ ਨੂੰ ਅੱਜ ASI ਬਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਨਿਯਮਾਂ ਅਨੁਸਾਰ ਨਸ਼ਟ ਕਰਵਾਇਆ ਗਿਆ।
ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਮੂਹ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਵੈਂਡਰਾਂ ਜਾਂ ਸਪਲਾਇਰਾਂ ਤੋਂ ਪਨੀਰ ਅਤੇ ਹੋਰ ਦੁੱਧ ਤੋਂ ਬਣੇ ਉਤਪਾਦ ਨਾ ਖਰੀਦਣ ਜੋ ਬਿੱਲ/ਰਸੀਦ ਮੁਹੱਈਆ ਨਹੀਂ ਕਰਵਾਉਂਦੇ।
ਖਪਤਕਾਰਾਂ ਅਤੇ ਦੁਕਾਨਦਾਰਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜੋ ਦੁੱਧ ਉਤਪਾਦ ਖਰੀਦ ਰਹੇ ਹਨ, ਉਸ ਦਾ ਸਰੋਤ (Source), ਸਪਲਾਇਰ ਅਤੇ ਵਿਕਰੇਤਾ ਦੀ ਜਾਣਕਾਰੀ ਉਨ੍ਹਾਂ ਕੋਲ ਮੌਜੂਦ ਹੋਵੇ। ਖਰੀਦ ਸਮੇਂ ਬਿੱਲ/ਰਸੀਦ ਜ਼ਰੂਰ ਲਈ ਜਾਵੇ ਅਤੇ ਉਸ ਦਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ, ਤਾਂ ਜੋ ਦੁੱਧ ਉਤਪਾਦਾਂ ਦੀ ਟ੍ਰੇਸਬਿਲਟੀ (Traceability) ਯਕੀਨੀ ਬਣਾਈ ਜਾ ਸਕੇ।
ਵਿਭਾਗ ਵੱਲੋਂ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਅਤੇ ਸੈਂਪਲਿੰਗ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਆਮ ਜਨਤਾ ਨੂੰ ਅਪੀਲ ਹੈ ਕਿ ਉਹ ਬਿਨਾਂ ਬਿੱਲ ਵਾਲੇ ਜਾਂ ਸ਼ੱਕੀ ਸਰੋਤ ਤੋਂ ਮਿਲਣ ਵਾਲੇ ਖਾਧ ਪਦਾਰਥ ਖਰੀਦਣ ਤੋਂ ਗੁਰੇਜ਼ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰਨ।



















