Home ਪਟਿਆਲਾ ਪਰਾਲੀ ਨਾ ਸਾੜਨ ਵਾਲੇ ਪਟਿਆਲਾ ਜ਼ਿਲ੍ਹੇ ਦੇ 22 ਕਿਸਾਨਾਂ ਦਾ ‘ਵਾਤਾਵਰਣ ਦੇ...

ਪਰਾਲੀ ਨਾ ਸਾੜਨ ਵਾਲੇ ਪਟਿਆਲਾ ਜ਼ਿਲ੍ਹੇ ਦੇ 22 ਕਿਸਾਨਾਂ ਦਾ ‘ਵਾਤਾਵਰਣ ਦੇ ਰਾਖੇ’ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ

8
0

ਪਟਿਆਲਾ 14 ਅਕਤੂਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਪਰਾਲੀ ਨਾ ਸਾੜਨ ਵਾਲੇ ਪਟਿਆਲਾ ਜ਼ਿਲ੍ਹੇ ਦੇ 22 ਕਿਸਾਨਾਂ ਨੂੰ ‘ਵਾਤਾਵਰਣ ਦੇ ਰਾਖੇ’ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਤਰਫ਼ੋਂ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਦਿਆਂ ਏਡੀਸੀ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿੱਚ ਹੀ ਵਾਹ ਕੇ ਮਿੱਟੀ ਵਿੱਚ ਮਿਲਾਉਣ ਜਾਂ ਬੇਲਰਾਂ ਦੀ ਮਦਦ ਨਾਲ ਖੇਤਾਂ ਵਿੱਚੋਂ ਬਾਹਰ ਕੱਢਣ, ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਏਈਓ ਰਵਿੰਦਰਪਾਲ ਸਿੰਘ ਚੱਠਾ ਅਤੇ ਏਏਈ ਪ੍ਰਭਦੀਪ ਸਿੰਘ ਵੀ ਮੌਜੂਦ ਸਨ।

ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਅਗਾਂਹਵਧੂ ਸੋਚ ਹੋਰਨਾਂ ਕਿਸਾਨਾਂ ਲਈ ਮਾਰਗਦਰਸ਼ਕ ਬਣ ਰਹੀ ਹੈ। ਉਨ੍ਹਾਂ ਸਨਮਾਨਿਤ ਕੀਤੇ ਗਏ ਸਾਰੇ 22 ਕਿਸਾਨਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਸਾੜਨ ਦੀ ਬਜਾਏ ਇਸ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਕਰਨ, ਤਾਂ ਜੋ ਸਾਂਝੇ ਯਤਨਾਂ ਨਾਲ ਸਾਫ਼-ਸੁਥਰੇ ਵਾਤਾਵਰਣ ਦੀ ਸਿਰਜਣਾ ਕੀਤੀ ਜਾ ਸਕੇ।

ਸੁਚੱਜਾ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੇ ਵੀ ਇਸ ਦੇ ਲਾਭ ਸਾਂਝੇ ਕਰਦਿਆਂ ਕਿਹਾ ਕਿ ਪਰਾਲੀ ਨਾ ਸਾੜਨ ਨਾਲ ਵਾਤਾਵਰਣ ਦੀ ਸੰਭਾਲ ਹੁੰਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।

ਸਨਮਾਨਿਤ ਕਿਸਾਨਾਂ ਵਿੱਚ ਅਮਨਦੀਪ ਸਿੰਘ ਸੁਲਤਾਨਪੁਰ, ਨਛੱਤਰ ਸਿੰਘ ਗੱਜੂਮਾਜਰਾ, ਅਮਰੀਕ ਸਿੰਘ ਕਕਰਾਲਾ, ਪ੍ਰਗਟ ਸਿੰਘ ਸ਼ੇਖੂਪੁਰ, ਗੁਰਬਚਨ ਸਿੰਘ ਅਤੇ ਬਿੱਕਰ ਸਿੰਘ ਪਿੰਡ ਚਲੈਲਾ ਤੋਂ, ਅਰਸ਼ਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਪਿੰਡ ਰੇਤਗੜ੍ਹ ਤੋਂ, ਬਖ਼ਸ਼ੀਸ਼ ਸਿੰਘ ਕੌਲੀ, ਸਰਬਜੀਤ ਸਿੰਘ ਮੋਹਬੱਤਪੁਰ, ਹਰਿੰਦਰ ਸਿੰਘ ਰਾਮਗੜ੍ਹ, ਬੁੱਧ ਸਿੰਘ ਦਿਆਗੜ੍ਹ, ਹਰਦੀਪ ਸਿੰਘ ਅਲੌਹਰਾਂ, ਅੱਛਰ ਸਿੰਘ ਬਿਰੜਵਾਲ, ਜਸਵਿੰਦਰ ਸਿੰਘ ਮੱਲ੍ਹੇਵਾਲ, ਜਗਜੀਤ ਸਿੰਘ ਟੋਡਰਵਾਲ, ਬਲਵਿੰਦਰ ਸਿੰਘ ਗਲਵੱਟੀ, ਕੀਮਤ ਸਿੰਘ ਢੀਂਗੀ, ਨਵਜੋਤ ਸਿੰਘ ਕਮੇਲੀ, ਮਨਜੀਤ ਸਿੰਘ ਖੋਖ, ਹਰਦੇਵ ਸਿੰਘ ਬਨੇਰਾ ਖੁਰਦ ਅਤੇ ਧਰਮਜੀਤ ਸਿੰਘ ਪਿੰਡ ਆਲੋਵਾਲ ਤੋਂ ਸ਼ਾਮਲ ਹਨ।

LEAVE A REPLY

Please enter your comment!
Please enter your name here