Home ਪਟਿਆਲਾ ਨਾਨ ਟੀਚਿੰਗ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਪੰਜਾਬੀ ਯੂਨੀਵਰਸਿਟੀ ਦਾ...

ਨਾਨ ਟੀਚਿੰਗ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਪੰਜਾਬੀ ਯੂਨੀਵਰਸਿਟੀ ਦਾ ਕੰਮ ਕਾਜ ਰਹੇਗਾ ਬੰਦਃ ਗੁਰਜੀਤ ਗੋਪਾਲਪੁਰੀ,ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨਾ ਸਮੇਂ ਦੀ ਮੁੱਖ ਮੰਗਃ ਰਾਜਿੰਦਰ ਸਿੰਘ ਬਾਗੜੀਆ

7
0

ਪਟਿਆਲਾ 16 ਅਕਤੂਬਰ (ਮੁੱਖ ਸੰਪਾਦਕ) ਜਿਤੇਸ਼ ਜੋਲੀ

ਪੰਜਾਬੀ ਯੂਨੀਵਰਸਿਟੀ ਦੇ ਬੀ ਅਤੇ ਸੀ ਕਲਾਸ ਕਰਮਚਾਰੀ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ ਅੱਜ 61ਵੇਂ ਦਿਨ ਵੀ ਜਾਰੀ ਰਿਹਾ। ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣ ਲਈ ਰੋਸ ਵਜੋਂ ਅੱਜ ਪੰਜਾਬੀ ਯੂਨੀਵਰਸਿਟੀ ਦੀ ਪਰੀਖਿਆ ਸ਼ਾਖਾ ਦਾ ਕੰਮ ਬੰਦ ਕਰਕੇ ਸਾਂਤਮਈ ਧਰਨਾ ਲਗਾਇਆ ਗਿਆ।
ਇਸ ਮੌਕੇ ਨਾਨ ਟੀਚਿੰਗ ਮੁਲਾਜਮ ਸੰਘ ਦੇ ਪ੍ਰਧਾਨ ਗੁਰਜੀਤ ਗੋਪਾਲਪੁਰੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਲਰਕ, ਲੈਬ ਅਟੈਂਡੈਂਟ, ਸੇਵਾਦਾਰ, ਸਕਿਓਰਿਟੀ ਗਾਰਡ, ਸਫਾਈ ਸੇਵਕ, ਕੁੱਕ, ਮਸਾਲਚੀ, ਮਾਲੀ ਆਦਿ ਕਰਮਚਾਰੀ ਬਹੁਤ ਘੱਟ ਤਨਖਾਹ ਤੇ ਕੱਚੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਮੁਲਾਜਮਾਂ ਨੂੰ ਰੈਗੂਲਰ ਕਰਵਾਉਣ ਲਈ ਮੁਲਾਜਮ ਸੰਘ ਵਲੋਂ ਬਹੁਤ ਵਾਰ ਪ੍ਰਸਾਸ਼ਨ ਨਾਲ ਮੀਟਿੰਗਾਂ ਹੋਈਆਂ ਪ੍ਰੰਤੂ ਹਰ ਵਾਰ ਸਿੰਡੀਕੇਟ ਦਾ ਲਾਰਾ ਲਾ ਕੇ ਜਾਣ ਬੁੱਝ ਕੇ ਕੰਮਾਂ ਨੂੰ ਲਟਕਾਇਆ ਜਾ ਰਿਹਾ ਹੈ। ਜਦੋਂ ਕਿ ਪੰਜਾਬੀ ਯੂਨੀਵਰਸਿਟੀ ਖੁਦਮੁਖਤਿਆਰ ਸੰਸਥਾ ਹੈ, ਕੱਚੇ ਮੁਲਾਜਮਾਂ ਨੂੰ ਆਪਣੇ ਪੱਧਰ ਤੇ ਪੱਕਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁਲਾਜਮਾਂ ਦਾ ਪੇਅ ਕਮਿਸ਼ਨ ਦਾ ਏਰੀਅਰ ਜਾਰੀ ਨਹੀਂ ਕੀਤਾ ਜਾ ਰਿਹਾ। ਕਰਮਚਾਰੀਆਂ ਦੀਆਂ ਤਰੱਕੀਆਂ ਜਾਣ ਬੁੱਝ ਕੇ ਲਟਕਾਈਆਂ ਜਾ ਰਹੀਆਂ ਹਨ। ਉਸਾਰੀ ਤੇ ਹਾਰਟੀਕਲਚਰ ਵਿਭਾਗ ਦੇ ਇੱਕੋ ਤਰ੍ਹਾਂ ਦੇ ਕਰਮਚਾਰੀਆਂ ਨੂੰ ਸਪੈਸ਼ਲ/ਸਕੱਤਰੇਤ ਭੱਤਾ ਨਹੀਂ ਲਗਾਇਆ ਜਾ ਰਿਹਾ। ਗੋਪਾਲਪੁਰੀ ਦਾ ਕਹਿਣਾ ਹੈ ਕਿ ਇਹ ਮੰਗਾਂ ਕਰਮਚਾਰੀਆਂ ਦੇ ਹੱਕਾਂ, ਨੌਕਰੀ ਦੀ ਸੁਰੱਖਿਆ ਅਤੇ ਯੂਨੀਵਰਸਿਟੀ ਦੇ ਸੁਚਾਰੂ ਪ੍ਰਬੰਧ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਰਮਚਾਰੀਆਂ ਨਾਲ ਜੁੜੇ ਗੰਭੀਰ ਮਸਲਿਆਂ ਅਤੇ ਲੰਬਿਤ ਮੰਗਾਂ ਦੇ ਹੱਲ ਲਈ ਕਾਫ਼ੀ ਸਮਾਂ ਦਿੱਤਾ ਜਾ ਚੁੱਕਾ ਹੈ। ਹੁਣ ਹਾਲਾਤ ਇਸ ਮੋੜ ‘ਤੇ ਪਹੁੰਚ ਗਏ ਹਨ ਕਿ ਯੂਨੀਅਨ ਨੂੰ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨਾ ਪੈ ਰਿਹਾ ਹੈ ਜਿਸ ਦੀ ਸਾਰੀ ਜਿੰਮੇਵਾਰੀ ਯੂਨੀਵਰਸਿਟੀ ਪ੍ਰਸਾਸ਼ਨ ਦੀ ਹੈ।

ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆ ਨੇ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੱਚੇ ਕਰਮਚਾਰੀ ਲੰਬੇ ਸਮੇਂ ਤੋਂ ਯੂਨੀਵਰਸਿਟੀ ਵਿੱਚ ਪੂਰੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਨਿਗੂਣੀ ਤਨਖਾਹ ‘ਤੇ ਸੇਵਾਵਾਂ ਨਿਭਾ ਰਹੇ ਹਨ। ਬਾਗੜੀਆ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਆਉਣ ਵਾਲੀ ਸਿੰਡੀਕੇਟ ਵਿੱਚ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਕੱਚੇ ਮੁਲਾਜਮਾਂ ਨੂੰ ਇਸ ਸਿੰਡੀਕੇਟ ਵਿੱਚ ਪੱਕਾ ਨਹੀਂ ਕੀਤਾ ਜਾਂਦਾ ਤਾਂ ਬਾਗੜੀਆ ਟੀਮ ਮੁਲਾਜਮ ਸੰਘ ਵਲੋਂ ਦਿੱਤੀ ਜਾਣ ਵਾਲੀ ਕਾਲ ਤੇ ਮੋਢੇ ਨਾਲ ਮੌਢਾ ਜੋੜ ਕੇ ਸਾਥ ਦੇਵੇਗੀ।

ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ; ਮੀਤ ਪ੍ਰਧਾਨ ਨਵਦੀਪ ਸਿੰਘ ਚਾਨੀ; ਜਨਰਲ ਸਕੱਤਰ ਜਗਤਾਰ ਸਿੰਘ ਸੈਣੀ; ਸਹਾਇਕ ਸਕੱਤਰ ਸ਼ਰਨਦੀਪ ਕੌਰ; ਪ੍ਰਚਾਰ ਸਕੱਤਰ ਗੁਰਮੀਤ ਸਿੰਘ ਸਹੋਤਾ; ਮਨਦੀਪ ਸਿੰਘ ਚਹਿਲ, ਇੰਦੂ ਬਾਲਾ, ਮੋਹਨ ਲਾਲ ਪੰਜੋਲਾ, ਸੰਜੀਵ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੱਚੇ ਕਰਮਚਾਰੀ ਅਤੇ ਸਮਰਥਕ ਹਾਜ਼ਰ ਰਹੇ।

LEAVE A REPLY

Please enter your comment!
Please enter your name here